ਕੇਸਰ ਸਿੰਘ ਛਿੱਬਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੇਸਰ ਸਿੰਘ ਛਿੱਬਰ: ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ’ ਦੇ ਲੇਖਕ ਭਾਈ ਕੇਸਰ ਸਿੰਘ ਛਿੱਬਰ ਦਾ ਜਨਮ ਕਦ ਅਤੇ ਕਿਥੇ ਹੋਇਆ ? ਇਸ ਬਾਰੇ ਇਤਿਹਾਸ ਚੁਪ ਹੈ। ਅੰਦਰਲੇ ਸੰਕੇਤ ਅਨੁਸਾਰ —ਸਤਰ ਬਰਸ ਸੋਧ ਮੈ ਕੀਤੀ ਤਾ ਇਹੁ ਕਥਾ ਸੁਣਾਈ (14/622)। ਇਸ ਦੀ ਆਯੂ ਬੰਸਾਵਲੀਨਾਮੇ ਦੀ ਸਮਾਪਤੀ (ਸੰ. 1826 ਬਿ.) ਵੇਲੇ 70 ਵਰ੍ਹਿਆਂ ਦੀ ਸੀ। ਇਸ ਹਿਸਾਬ ਅਨੁਸਾਰ ਇਸ ਦਾ ਜਨਮ ਸ. 1756 ਬਿ. ਦੇ ਨੇੜੇ-ਤੇੜੇ ਹੋਇਆ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਸੰ. 1765 ਬਿ. ਵਿਚ ਜੋਤੀ ਜੋਤਿ ਸਮਾਏ, ਉਦੋਂ ਇਸ ਦੀ ਉਮਰ 8/9 ਵਰ੍ਹਿਆਂ ਦੀ ਹੋਵੇਗੀ। ਇਸ ਲਈ ਇਹ ਗੁਰੂ ਸਾਹਿਬ ਦਾ ਹਜੂਰੀ ਲੇਖਕ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਪਰਵਰਤੀ ਕਾਲ ਵਿਚ ਕੇਸਰ ਸਿੰਘ ਸਿੱਖ-ਸੰਗਠਨ ਅਤੇ ਉਘੇ ਸਿੱਖ ਆਗੂਆਂ ਦੇ ਸੰਪਰਕ ਵਿਚ ਰਿਹਾ ਸੀ। ਇਸ ਨੇ ਬਹੁਤ ਸਮਾਂ ਮਾਤਾ ਸੁੰਦਰੀ ਦੇ ਦਰਬਾਰ ਵਿਚ ਦਿੱਲੀ ਅਤੇ ਦਰਬਾਰ ਸਾਹਿਬ ਵਿਚ ਅੰਮ੍ਰਿਤਸਰ ਬਿਤਾਇਆ ਸੀ। ਇਹ ਅਵੱਸ਼ ਹੀ ਮਾਮਾ ਕ੍ਰਿਪਾਲ, ਭਾਈ ਮਨੀ ਸਿੰਘ, ਭਾਈ ਤਾਰਾ ਸਿੰਘ ਆਦਿ ਦੇ ਨੇੜੇ ਵਿਚਰਿਆ ਹੋਵੇਗਾ।

            ਬੰਸਾਵਲੀਨਾਮੇ ਵਿਚ ਭਾਈ ਕੇਸਰ ਸਿੰਘ ਨੇ ਆਪਣੇ ਜਨਮ-ਸਥਾਨ ਦਾ ਕੋਈ ਉਲੇਖ ਨਹੀਂ ਕੀਤਾ, ਪਰ ਇਸ ਦੀ ਕੁਲ-ਪਰੰਪਰਾ ਜੰਮੂ ਦੇ ਛਿੱਬਰ ਖ਼ਾਨਦਾਨ ਨਾਲ ਜੁੜਦੀ ਹੈ। ਇਸ ਨੇ ਆਪਣੇ ਆਪ ਨੂੰ ਧਰਮਚੰਦ ਦਾ ‘ਨਾਤੀ’ ਕਿਹਾ ਹੈ। ਇਸ ਨੇ ਨੌਵੇਂ ਚਰਣ (33-34) ਵਿਚ ਦਸਿਆ ਹੈ ਕਿ ਬਕਾਲੇ ਵਿਚ 22 ਮੰਜੀਆਂ ਉਤੇ ਅਖੌਤੀ ਗੁਰੂਆਂ ਵਿਚੋਂ ਵਾਸਤਵਿਕ ਗੁਰੂ ਨੂੰ ਲਭਣ ਦਾ ਸਿਹਰਾ ਦੀਵਾਨ ਦੁਰਘਾ ਮੱਲ ਛਿੱਬਰ ਨੂੰ ਹੈ, ਜੋ ਗੁਰੂ ਹਰਿਕ੍ਰਿਸ਼ਨ ਜੀ ਨਾਲ ਦਿੱਲੀ ਗਿਆ ਸੀ ਅਤੇ ਗੁਰੂ-ਪਦ ਦਾ ਵਿਵਾਦ ਛਿੜ ਪੈਣ’ਤੇ ਪੰਜਵੇਂ ਮਹੀਨੇ ਦਿਲੀਓਂ ਸੰਗਤ ਲੈ ਕੇ ਬਾਬੇ ਬਕਾਲੇ ਆਇਆ ਸੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਸਿਰੋਪਾਓ ਦਿੱਤਾ ਅਤੇ ਆਪਣੇ ਦਰਬਾਰ ਦੀ ‘ਦੀਵਾਨੀ ’ ਦੀ ਜ਼ਿੰਮੇਵਾਰੀ ਵੀ ਸੌਂਪੀ। ਬਿਰਧ ਹੋਣ ਕਰਕੇ ਉਸ ਨੇ ਇਸ ਕੰਮ ਲਈ ਸਤੀਦਾਸ ਅਤੇ ਮਤੀਦਾਸ ਨਾਂ ਦੇ ਆਪਣੇ ਦੋ ਭਤੀਜਿਆਂ ਦਾ ਸਹਿਯੋਗ ਲਿਆ, ਕਿਉਂਕਿ ਧਰਮਚੰਦ ਨਾਂ ਦਾ ਉਸ ਦਾ ਪੁੱਤਰ ਉਦੋਂ ਉਮਰ ਵਿਚ ਛੋਟਾ ਸੀ ਅਤੇ ‘ਦੀਵਾਨੀ’ ਦਾ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਸੀ।

            ਧਰਮਚੰਦ ਅਤੇ ਸਾਹਿਬ ਚੰਦ ਦੋਵੇਂ ਭਰਾ ਸਨ। ਇਨ੍ਹਾਂ ਦੋਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਉਤੇ ਬੈਠਣ ਵੇਲੇ ‘ਦੀਵਾਨੀ’ ਦਾ ਕੰਮ ਸੰਭਾਲਣ ਲਈ ਆਦੇਸ਼ ਦਿੱਤਾ। ਸਾਹਿਬ ਚੰਦ ਦੀ ਜ਼ਿੰਮੇਵਾਰੀ ਦਰਬਾਰ ਦੀ ਦੀਵਾਨੀ ਸੰਭਾਲਣਾ ਸੀ ਅਤੇ ਧਰਮਚੰਦ ਦੇ ਸਪੁਰਦ ਖ਼ਜ਼ਾਨੇ ਅਤੇ ਤੋਸ਼ਾਖ਼ਾਨੇ ਦਾ ਕੰਮ ਸੀ (10/26-27)। ਧਰਮਚੰਦ ਦੇ ਪੁੱਤਰ ਦਾ ਨਾਂ ਗੁਰਬਖ਼ਸ਼ ਸਿੰਘ ਸੀ ਅਤੇ ਗੁਰਬਖ਼ਸ਼ ਸਿੰਘ ਦਾ ਲੜਕਾ ਕੇਸਰ ਸਿੰਘ ਸੀ। ਇਸ ਤਰ੍ਹਾਂ ਕੇਸਰ ਸਿੰਘ ਦੁਰਘਾ ਮੱਲ ਦੇ ਖ਼ਾਨਦਾਨ ਵਿਚੋਂ ਸੀ ਅਤੇ ਦਸਮ ਗੁਰੂ ਜੀ ਦੇ ਖ਼ਜ਼ਾਨੇ ਅਤੇ ਤੋਸ਼ਾਖ਼ਾਨੇ ਤਕ ਉਸ ਦੀ ਸਿਧੀ ਪਹੁੰਚ ਸੀ।

            ਕੇਸਰ ਸਿੰਘ ਛਿੱਬਰ ਦੇ ਨਾਂ ਨਾਲ ਇਕ ‘ਬਾਰਾਮਾਹ ’ ਦੀ ਰਚਨਾ ਵੀ ਜੋੜੀ ਜਾਂਦੀ ਹੈ, ਪਰ ਉਸ ਬਾਰੇ ਅਧਿਕ ਜਾਣਕਾਰੀ ਦਾ ਅਭਾਵ ਹੈ। ਇਸ ਦੀ ਇਕੋ ਇਕ ਰਚਨਾ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ’ (ਵੇਖੋ) ਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.